Rajinder Pal Singh Brar

ਰਾਜਿੰਦਰ ਪਾਲ ਸਿੰਘ ਬਰਾੜ rajinderpalsingh.blogspot.com

Monday, September 04, 2006

Surjeet Pattar ਪੱਤਝੜ ਦੀ ਪਾਜ਼ੇਬ


ਪਤਝੜ ਦੀ ਪਾਜ਼ੇਬ : ਕੰਢਿਆਂ ਅੰਦਰ ਖੌਲਦੇ ਸਮੁੰਦਰ ਦੀ ਗ਼ਜ਼ਲਕਾਰੀ
ਪਤਝੜ ਦੀ ਪਾਜ਼ੇਬ ਪੰਜਾਬੀ ਦੇ ਸੁਪ੍ਰਸਿੱਧ ਕਵੀ ਸੁਰਜੀਤ ਪਾਤਰ ਦੀਆਂ ਹਵਾ ਵਿਚ ਲਿਖੇ ਹਰਫ (1979) ਤੋਂ ਬਾਅਦ ਦੀਆਂ ਗਜ਼ਲਾਂ ਦਾ ਸੰਗ੍ਰਹਿ ਹੈ। ਇਹ ਗ਼ਜ਼ਲਾਂ ਵਖ ਵਖ ਕਾਵਿ-ਸੰਗ੍ਰਹਿਆਂ ਬਿਰਖ਼ ਅਰਜ਼ ਕਰੇ, ਹਨੇਰੇ ਵਿਚ ਸੁਲਗਦਹ ਵਰਣਮਾਲਾ ਅਤੇ ਲਫ਼ਜ਼ਾਂ ਦੀ ਦਰਗ਼ਾਹ ਵਿਚ ਸ਼ਾਮਲ ਸਨ। ਇਸ ਲਈ ਇਸ ਸੰਗ੍ਰਹਿ ਨੂੰ ਪੁਰਾਣੀ ਸ਼ਰਾਬ ਨਵੀਆਂ ਬੋਤਲਾਂ ਵਿਚ ਬੰਦ ਕਹਿ ਸਕਦੇ ਹਾਂ ਪਰ ਪੀਣ ਵਾਲੇ ਜਾਣਦੇ ਹਨ ਕਿ ਸ਼ਰਾਬ ਜਿੰਨੀ ਪੁਰਾਣੀ ਹੋਵੇ, ਓਨੀ ਹੀ ਤੇਜ਼ ਨਸ਼ੇ ਵਾਲੀ ਅਤੇ ਕੀਮਤੀ ਹੁੰਦੀ ਹੈ। ਗ਼ਜ਼ਲਾਂ ਦਾ ਕਾਵਿ-ਰਸ ਪੀ ਕੇ ਮਾਣਨ ਵਾਲੇ ਸੁਰਜੀਤ ਪਾਤਰ ਦੀਆਂ ਗ਼ਜ਼ਲਾਂ ਨੂੰ ਪੜ੍ਹ ਕੇ ਅਜਿਹਾ ਹੀ ਨਸ਼ਾ ਮਹਿਸੂਸ ਕਰਨਗੇ। ਸੁਰਜੀਤ ਪਾਤਰ ਦੀ ਉਤਮਤਾ ਬਾਰੇ ਸਾਰਿਆਂ ਵਿਚ ਸਹਿਮਤੀ ਹੈ। ਇਸ ਸੰਗ੍ਰਹਿ ਦੀਆਂ ਗ਼ਜ਼ਲਾਂ ਪਹਿਲਾਂ ਹੀ ਪੜ੍ਹੀਆਂ ਹੋਣ ਅਤੇ ਬਹੁਤ ਸਾਰੀਆਂ ਉਸ ਦੀ ਕਸਿ਼ਸ਼ ਭਰੀ ਤਰੰਨਮੀ ਆਵਾਜ਼ ਵਿਚ ਸੁਣੀਆਂ ਹੋਣ ਦੇ ਬਾਵਜੂਦ ਇਹ ਪੁਸਤਕ ਪਾਠਕ ਨੂੰ ਅਚੰਭੇ ਭਰੀ ਜਾਦੂਗਰੀ ਨਾਲ ਕੀਲ ਲੈਂਦੀ ਹੈ। ਪੁਰਾਣੀਆਂ ਗ਼ਜ਼ਲਾਂ ਦੀ ਨਵੀ ਪੁਸਤਕ ਦੀ ਪਹਿਲੀ ਪੜਤ ਪੜ੍ਹਨ ਉਪਰੰਤ ਮੈਂ ਸੁਚੇਤ ਹੋ ਕੇ ਪੁਸਤਕ ਦੂਜੀ ਵਾਰ ਪੜ੍ਹਨ ਲੱਗ ਪੈਂਦਾ ਹਾਂ ਕਿ ਆਖ਼ਰ ਇਹ ਪੁਸਤਕ ਵਿਚ ਕਿਹੜੀ ਗੱਲ ਹੈ ਜੋ ਇਨ੍ਹਾਂ ਗਜ਼ਲਾਂ ਦੇ ਸਰੋਤਿਆਂ -ਪਾਠਕਾਂ ਨੂੰ ਕੀਲਦੀ ਹੈ ਪਰ ਪੁਸਤਕ ਨੂੰ ਦੂਜੀ ਵਾਰ ਪੜ੍ਹਨ ਤੇ ਵੀ ਉਹ ਜਾਦੂ-ਭੇਦ ਸਾਹਮਣੇ ਨਹੀ ਆਉਂਦਾ। ਉਹ ਜਾਦੂ ਹੀ ਕੀਹ ਜਿਸ ਦਾ ਭੇਦ ਪੈ ਜਾਵੇ। ਫੇਰ ਵੀ ਪੁਸਤਕ ਪੜ੍ਹਦਿਆਂ ਜੋ ਵਿਚਾਰ ਮਨ ਵਿਚ ਉੱਠੇ ਉਹ ਪਾਠਕਾਂ ਦੀ ਦਿਲਚਸਪੀ ਲਈ ਪੇਸ਼ ਹਨ। ਇਸ ਸੰਗ੍ਰਹਿ ਦੀਆਂ ਗਜ਼ਲਾਂ ਦੇ ਵਿਸ਼ੇ ਕੋਈ ਨਵੇਂ ਨਹੀ ਹਨ। ਮੁਹੱਬਤ, ਪੰਜਾਬ ਸੰਕਟ, ਮਜ਼ਲੂਮਾਂ ਦਾ ਦਰਦ, ਇਨਸਾਫ ਦੀ ਮੰਗ, ਦੋਗਲੇ ਕਿਰਦਾਰ ਤੇ ਕਟਾਖ਼ਸ਼ ਪੰਜਾਬੀ ਗ਼ਜ਼ਲ ਦੇ ਪੁਰਾਣੇ ਵਿਸ਼ੇ ਹਨ। ਬਹੁਤੀਆਂ ਸਮਕਾਲੀ ਗ਼ਜ਼ਲਾਂ ਇਨ੍ਹਾਂ ਹੀ ਵਿਸਿ਼ਆਂ ਦੁਆਲੇ ਲਿਖੀਆਂ ਜਾ ਰਹੀਆਂ ਹਨ। ਸੋਚਣ ਵਾਲੀ ਗੱਲ ਹੈ ਕਿ ਨਵਾਂ ਕੀ ਹੈ ਜੋ ਸਾਨੂੰ ਚੰਗਾ ਲਗਦਾ ਹੈ? ਜਾਪਦਾ ਹੈ ਪੁਰਾਣੇ ਵਿਸਿ਼ਆਂ ਪ੍ਰਤੀ ਪਾਤਰ ਦਾ ਦ੍ਰਿਸ਼ਟੀਕੋਣ ਵਿਲੱਖਣ ਹੈ ਜੋ ਸਾਨੂੰ ਉਹ ਚੰਗਾ ਲਗਦਾ ਹੈ। ਉਹ ਪ੍ਰਗਤੀਵਾਦ ਦੀ ਚੜ੍ਹਾਈ ਵਾਲੇ ਦੌਰ ਦੀ ਇਨਕਲਾਬੀ ਸੁਰ ਵਾਲੀ ਪੈਗੰਬਰੀ ਕਵਿਤਾ ਨਹੀ ਕਹਿੰਦਾ ਸਗੋਂ ਦੁਨੀਆਦਾਰ, ਮੱਧਵਰਗੀ ਵਿਅਕਤੀ ਦੀ ਦੁਬਿਧਾਗ੍ਰਸਤ ਤੁੱਛਤਾ ਨੂੰ ਦਰਸਾਉਂਦਾ ਹੈ।
ਉਸ ਦੀ ਪਿਆਰ ਗ਼ਜ਼ਲ ਵਿਚ ਆਧੁਨਿਕ ਮੱਧਵਰਗੀ ਮਨੁੱਖ ਦੀ ਸੰਵੇਦਨਾ ਹੈ। ਉਸ ਦਾ ਪਿਆਰ ਸਮਾਜਕ ਵਲਗਣ ਨਹੀ ਟੱਪਦਾ ਸਗੋਂ ਅੰਦਰੋ ਅੰਦਰੀ ਰਿਝਦਾ ਰਹਿੰਦਾ ਹੈ। ਇਸ ਸੰਗ੍ਰਹਿ ਦੀਆਂ ਗ਼ਜ਼ਲਾਂ ਦੇ ਕਾਵਿ-ਨਾਇਕ ਦਾ ਪਿਆਰ ਕੋਈ ਅੱਲੜ੍ਹ ਵਰੇਸ ਦਾ ਤੀਬਰ, ਜਜ਼ਬਾਤੀ ਉਛਾਲ ਨਹੀ ਹੈ ਸਗੋਂ ਇਹ ਮੱਧ-ਵਰਗੀ ਦੁਨੀਆਂਦਾਰ ਬੰਦੇ ਦੇ ਫਰਜ਼ਾਂ ਅਤੇ ਮਨ ਦੀਆਂ ਉਡਾਣਾਂ ਦਰਮਿਆਨ ਦੀ ਘਰ-ਗ੍ਰਹਿਸਥੀ ਵਾਲੀ ਸਮਾਜਕ ਰੱਸੀ ਉਪਰ ਦੁਬਿਧਾਗ੍ਰਸਤ ਹੋ ਕੇ ਸਮਤੋਲ ਤੁਰਨ ਦਾ ਹੁਨਰੀ ਅਹਿਸਾਸ ਹੈ ਜਿਸ ਵਿਚ ਅੱਗੇ-ਪਿੱਛੇ ਹੋਣ ਦੀ ਦੁਬਿਧਾ ਤਾਂ ਹੈ ਹੀ, ਸੱਜੇ ਖੱਬੇ ਡਿੱਗਣ ਦੀ ਗੁੰਜਾਇਸ਼ ਵੀ ਹੈ। ਜਿਵੇਂ ਸਰਕਸ ਦਾ ਨਿਪੁੰਨ ਕਲਾਕਾਰ ਹੱਥ ਵਿਚ ਲਈ ਛਤਰੀ ਨਾਲ ਸਮਤੋਲ ਬਣਾਉਂਦਾ ਹੈ, ਇੰਜ ਹੀ ਪਾਤਰ ਆਪਣੀ ਗ਼ਜ਼ਲਕਾਰੀ ਦਾ ਜੌਹਰ ਦਿਖਾਉਂਦਿਆਂ ਇਸ ਰੱਸੀ ਤੇ ਕਾਵਿ-ਨਾਇਕ ਨੂੰ ਤੋਰਦਾ ਹੈ। ਉਸ ਦੀਆਂ ਗ਼ਜ਼ਲਾਂ ਦੇ ਬਹੁਤ ਸਾਰੇ ਸ਼ੇਅਰ ਇਨ੍ਹਾਂ ਹੀ ਭਾਵਾਂ ਨੂੰ ਦਰਸਾਉਂਦੇ ਹਨ।
ਨਜ਼ਮ ਕੀ ਹੈ? ਗੀਤ ਕੀ ਹੈ, ਕੀ ਗ਼ਜ਼ਲ
ਤੇਰੇ ਤੀਕਰ ਆਉਣ ਲਈ ਲਫ਼ਜ਼ਾਂ ਦਾ ਪੁਲ
ਲਾਹ ਕੇ ਦੁਨੀਆਂਦਾਰੀਆਂ ਦਾ ਬੋਝ ਚੱਲ
ਹੈ ਬਹੁਤ ਨਾਜ਼ੁਕ ਇਨ੍ਹਾਂ ਨਜ਼ਮਾਂ ਦਾ ਪੁਲ
ਪੁਲ ਦੇ ਆਰ ਰੁਕਮਣੀ ਹੈ ਤੇ ਪਾਰ ਰਾਧਾ ਹੈ। ਕਾਵਿ-ਨਾਇਕ ਦੋਹਾਂ ਦਰਮਿਆਨ ਝੂਲਦਾ ਹੈ। ਇਹ ਝੂਲਣਾ ਕਿਸੇ ਵਿਅਕਤੀ ਵਿਸ਼ੇਸ਼ ਦਾ ਝੂਲਣਾ ਨਹੀ ਹੈ ਸਗੋਂ ਇਹ ਪੰਜਾਬੀ ਮੱਧ-ਵਰਗੀ ਬੰਦੇ ਦਾ ਡੋਲਣਾ ਹੈ। ਉਹ ਨਾ ਆਧੁਨਿਕ ਪੱਛਮੀ ਮਨੁੱਖ ਵਾਂਗ ਘਰ-ਵਾਰ ਛੱਡ ਸਕਦਾ ਹੈ ਅਤੇ ਨਾ ਹੀ ਪਰੰਪਰਿਕ ਭਾਰਤੀ ਮਰਦ ਵਾਂਗ ਆਪਣੀਆਂ ਰੀਝਾਂ ਨੂੰ ਕਾਬੂ ਰੱਖ ਸਕਦਾ ਹੈ।
ਛੁਪਾ ਕੇ ਰਖਦਾ ਹਾਂ ਮੈਂ ਤੈਥੋਂ ਤਾਜ਼ੀਆਂ ਨਜ਼ਮਾਂ
ਮਤਾਂ ਤੂੰ ਜਾਣ ਕੇ ਰੋਵੇਂ ਮੈਂ ਕਿਸ ਜਹਾਨ ‘ਚ ਹਾਂ।
ਸ਼ਾਇਰ ਦੀਆਂ ਗ਼ਜ਼ਲਾਂ ਦਾ ਨਾਇਕ ਕਿਸੇ ਨੂੰ ਦੁੱਖ ਨਹੀ ਪਹੁੰਚਾਉਣਾ ਚਾਹੁੰਦਾ ਪਰ ਉਸ ਦੇ ਮਨ ਅੰਦਰਲੇ ਵਲਵਲੇ ਦੋਹੀ ਤਰਫੀ ਦੁੱਖ ਪਹੁੰਚਾਉਂਦੇ ਹਨ। ਇਸੇ ਵਿਡੰਬਨਾ ਦਾ ਪ੍ਰਗਟਾਵਾ ਉਸ ਦੇ ਸ਼ੇਅਰ ਹਨ। ਉਹ ਆਪਣੀਆਂ ਗਜ਼ਲਾਂ ਰਾਹੀ ਕਾਵਿ-ਨਾਇਕ ਦੇ ਦੋਹਰੇ ਦੰਭੀ ਕਿਰਦਾਰ ਨੂੰ ਸੁਹਿਰਦ, ਸੰਵੇਦਨਸ਼ੀਲ, ਮੁਹੱਬਤੀ ਇਨਸਾਨ ਵਿਚ ਪਲਟਣ ਦਾ ਕੰਮ ਕਰਦਾ ਹੈ। ਉਸ ਦਾ ਮੁਹੱਬਤੀ ਰੂਪ ਸਮਾਜਕ ਦਾਇਰੇ ਅੰਦਰ ਸਾਊ ਬਣ ਵਿਚਰਦਾ ਹੈ ਪਰ ਅੰਦਰਲੀ ਕਸ਼ਮਕਸ਼ ਸ਼ੇਅਰਾਂ ਵਿਚ ਢਲ ਜਾਂਦੀ ਹੈ।
ਹਾਂ ਮੈਂ ਆਪੇ ਹੀ ਕਿਹਾ ਸੀ ਹੋਠ ਸੁੱਚੇ ਰੱਖਣੇ
ਹਾਏ ਪਰ ਇਸ ਪਿਆਸ ਤੇ ਉਸ ਬਾਤ ਵਿਚਲਾ ਫਾਸਲਾ
ਜੇ ਬਹੁਤ ਹੀ ਪਿਆਸ ਹੈ ਤਾਂ ਮੇਟ ਦੇਵਾਂ ਉਸ ਕਿਹਾ
ਰਿਸ਼ਤਿਆਂ ਤੇ ਰਿਸ਼ਤਿਆਂ ਦੇ ਘਾਤ ਵਿਚਲਾ ਫਾਸਲਾ

ਮੇਰੇ ਖਿਆਲ ਅਨੁਸਾਰ ਪਾਤਰ ਦੇ ਪਿਆਰ ਕਾਵਿ ਦੀ ਖ਼ਾਸੀਅਤ ਸਾਊਪਣੇ ਦੇ ਦਾਇਰੇ ਵਿਚ ਵਿਚਰਨ ਦਹ ਹੈ। ਇਹੀ ਉਸ ਨੂੰ ਵਿਸ਼ੇਸ਼ ਬਣਾਉਂਦੀ ਹੈ। ਉਹ ਇਸ਼ਕ ਦਾ ਬਾਗੀ ਨਹੀ ,ਇਸ਼ਕ ਦਾ ਸਿ਼ਕਾਰ ਹੈ। ਇਹ ਇਕ ਸਮਝਦਾਰ ਪੰਜਾਬੀ ਮੱਧਵਰਗ ਦਾ ਪ੍ਰਤੀਨਿਧ ਨਮੂਨਾ ਹੈ।
ਇਸ ਗ਼ਜ਼ਲ ਸੰਗ੍ਰਹਿ ਦੀ ਸ਼ੇਅਰ ਸਿਰਜਣਾ ਦਾ ਸਮਾਂ ਪੰਜਾਬ ਦੇ ਸੰਕਟ ਦਾ ਸਮਾਂ ਸੀ। ਉਹ ਸਮਾਂ ਕਿਹੋ ਜਿਹਾ ਸੀ? ਇਸ ਸਬੰਧੀ ਦੋ ਸ਼ੇਅਰ ਪੜ੍ਹਨ ਗੋਚਰੇ ਹਨ:
ਕੁਛ ਨਾ ਕਹਿ ਖ਼ਾਮੋਸ਼ ਰਹਿ ਓ ਸ਼ਾਇਰਾ
ਸਭ ਨੂੰ ਤੇਰੇ ਕਹਿਣ ਤੇ ਇਤਰਾਜ਼ ਹੈ
ਸੁਣ ਤੇਰੀ ਆਵਾਜ਼ ਉਹ ਆ ਜਾਣਗੇ
ਹੱਥ ਜਿਨ੍ਹਾਂ ਦੇ ਸੀਨੇ-ਵਿੰਨ੍ਹਵਾਂ ਸਾਜ ਹੈ
ਅਸਲ ਵਿਚ ਉਹ ਸਮਾਂ ਅਜਿਹਾ ਸੀ ਜਦੋਂ ਦੋਹੇਂ ਧਿਰਾਂ ਇਕ ਦੂਜੇ ਨੂੰ ਮਰਨ ਮਾਰਨ ਤੇ ਤੁਲੀਆਂ ਹੋਈਆਂ ਸਨ। ਦੋਹਾਂ ਧਿਰਾਂ ਦੀ ਗਲਤ-ਠੀਕ ਤੇ ਉੱਂਗਲ ਰੱਖਣ ਵਾਲਾ ਦੋਹਾਂ ਧਿਰਾਂ ਦੀਆਂ ਗੋਲ਼ੀਆਂ ਦਾ ਨਿਸ਼ਾਨਾ ਬਣਦਾ ਸੀ ਪਰ ਅਜਿਹੇ ਸਮੇਂ ਚੁੱਪ ਰਹਿਣਾ ਵੀ ਖਤਰਨਾਕ ਸੀ। ਹਾਕਮ ਜਮਾਤਾਂ ਨੇ ਆਪਸੀ ਖਹਿ-ਭੇੜ ਵਿਚ ਇਕ ਵਾਰ ਅੱਗ ਭੜਕਾ ਤਾਂ ਲਈ ਸੀ ਪਰ ਮੁੜ ਇਹ ਉਨ੍ਹਾਂ ਦੇ ਵੱਸ ਤੋਂ ਬਾਹਰ ਹੋ ਗਈ। ਇਸੇ ਗੁੰਝਲਦਾਰ ਰਾਜਸੀ ਸੱਚ ਨੂੰ ਸ਼ਾਇਰ ਇੰਜ ਪੇਸ਼ ਕਰਦਾ ਹੈ :
ਲਗਾਈ ਸੀ ਜੋ ਤੀਲਾਂ ਨਾਲ, ਬੁਝਦੀ ਨਾ ਅਪੀਲਾਂ ਨਾਲ
ਨਹੀ ਮੁੜਦੀ ਦਲੀਲਾਂ ਨਾਲ, ਅਗਨਿ ਜੋ ਦੁਆਰ ਆਈ ਹੈ
ਅਸਾਂ ਬੀਜੇ, ਤੁਸਾਂ ਬੀਜੇ, ਕਿਸੇ ਬੀਜੇ ਚਲੋ ਛੱਡੋ
ਕਰੋ ਝੋਲੀ ਭਰੋ ਅੰਗਿਆਰ ਲਓ ਕਿ ਬਹਾਰ ਆਈ ਹੈ।
ਪਾਤਰ ਆਪਣੇ ਕਾਵਿ-ਕਰਮ ਬਾਰੇ ਸੁਚੇਤ ਸ਼ਾਇਰ ਹੈ। ਸਥਾਪਤੀ ਸ਼ਾਇਰ ਨੂੰ ਖਰੀਦਣ ਦੀ ਕੋਸਿ਼ਸ਼ ਕਰਦੀ ਹੈ।
ਤੇਰੀ ਹਰ ਨਜ਼ਮ ਪਾਤਰ ਵਿਕ ਗਈ
ਤੇਰੇ ਗੀਤਾਂ ਦਾ ਸੌਦਾ ਹੋ ਗਿਆ
ਤੇਰੀ ਪਰਵਾਜ਼ ਤੋਂ ਖੁਸ਼ ਹੋ ਕੇ ਉਹਨਾਂ
ਇਹ ਇਕ ਸੋਨੇ ਦਾ ਪਿੰਜਰਾ ਭੇਜਿਆ ਹੈ
ਸਮੁੱਚੇ ਰੂਪ ਵਿਚ ਪਾਤਰ ਦੀ ਕਵਿਤਾ ਤੇ ਵਿਚਾਰ ਕਰਦਿਆਂ ਉਸ ਦਾ ਸਾਊ, ਸੁਹਿਰਦ, ਸੰਵੇਦਨਸ਼ੀਲ ਅਤੇ ਸੰਗੀਤਕ ਤਰੰਨਮੀ ਆਵਾਜ਼ ਵਾਲਾ ਹੋਣਾ ਵੀ ਸਾਹਮਣੇ ਆਉਂਦਾ ਹੈ ਪਰ ਇਹ ਸਭ ਕੁਝ ਉਸ ਦੀ ਕਵਿਤਾ ਨੂੰ ਚਾਰ ਚੰਨ ਤਾਂ ਲਗਾ ਸਕਦਾ ਹੈ, ਇਹ ਕਵਿਤਾ ਦੇ ਚੰਗੇ ਗੁਣ ਹਨ ਪਰ ਚੰਗੀ ਕਵਿਤਾ ਦਾ ਮੂਲ ਆਧਾਰ ਕਿਤੇ ਹੋਰ ਹੈ, ਇਹ ਮੂਲ ਆਧਾਰ ਕਿਸੇ ਆਲੋਚਕ ਦੇ ਹੱਥ ਨਹੀ ਆ ਸਕਦਾ। ਜੇ ਇਹ ਭੇਦ ਆਲੋਚਕ ਦੇ ਹੱਥ ਆ ਜਾਵੇ ਤਾਂ ਸਾਰੇ ਆਲੋਚਕ ਸ਼ਾਇਰ ਬਣ ਜਾਣ।ਗ਼ਜ਼ਲ ਦੇ ਪਾਠਕਾਂ ਲਈ ਇਹ ਪੁਸਤਕ ਅਣਮੁੱਲਾ ਤੋਹਫਾ ਹੈ।
(ਰਾਜਿੰਦਰ ਪਾਲ ਸਿੰਘ)

0 Comments:

Post a Comment

<< Home