ਸਭਿਆਚਾਰਕ ਪਰਿਵਰਤਨ
ਉੱਤਰ-ਆਧੁਨਿਕ ਪਰਸੰਗ
ਰਾਜਿੰਦਰ ਪਾਲ ਸਿੰਘ,ਪੰਜਾਬੀ ਵਿਭਾਗ, ਪੰਜਾਬੀ
ਯੂਨੀਵਰਸਿਟੀ, ਪਟਿਆਲਾ।
ਸਭਿਆਚਾਰ (ਸੰਸਕ੍ਰਿਤੀ)
ਵਿਚ ਉਹ ਸਭ ਕੁਝ ਸ਼ਾਮਲ ਹੁੰਦਾ ਹੈ ਜੋ ਕੁਝ ਵੀ ਮਨੁੱਖ ਨੇ ਕੁਦਰਤ (ਪ੍ਰਕਿਰਤੀ) ਨਾਲ ਸੰਘਰਸ਼
ਕਰਦਿਆਂ ਜੀਵਨ-ਜਿਂਉਦਿਆਂ ਸਿਰਜਿਆ ਹੈ, ਸਿਰਜ ਰਿਹਾ ਹੈ ਅਤੇ ਭਵਿੱਖ ਵਿਚ ਸਿਰਜੇਗਾ। ਇਸ ਵਿਚ
ਉਸਦੀਆਂ ਸਿਰਜੀਆਂ ਪਦਾਰਥਕ ਵਸਤਾਂ (ਪਦਾਰਥਕ) ਦੇ ਨਾਲੋ-ਨਾਲ ਉਸਦੀਆਂ ਵਿਚਾਰਧਾਰਕ ਸਿਰਜਣਾਵਾਂ (ਬੋਧਾਤਮਿਕ)
ਵੀ ਸ਼ਾਮਲ ਹੁੰਦੀਆਂ ਹਨ। ਇਨ੍ਹਾਂ ਸਿਰਜਣਾਵਾਂ ਵਿਚ ਪਦਾਰਥਕ ਪੱਧਰ ’ਤੇ ਸੰਦ ਅਤੇ ਤਕਨੀਕ ਆਧਾਰ
ਹੁੰਦੇ ਹਨ ਜਦੋਂ ਕਿ ਵਿਚਾਰਧਾਰਕ ਸਿਰਜਣਾਵਾਂ ਵਿਚ ਭਾਸ਼ਾ ਅਤੇ ਪੂਰਵ ਸਿਰਜਤ ਕਲਾਤਮਿਕ (ਭਾਸ਼ਾਈ ਅਤੇ
ਗੈਰ-ਭਾਸ਼ਾਈ) ਪਾਠ ਬੁਨਿਆਦ ਦਾ ਕੰਮ ਕਰਦੇ ਹਨ। ਸਭਿਆਚਾਰ ਦੀ ਤਬਦੀਲੀ ਪਿੱਛੇ ਨਵੀਆਂ ਤਕਨੀਕਾਂ,
ਨਵੀਆਂ ਲੋੜਾਂ ਕੰਮ ਕਰਦੀਆਂ ਹੁੰਦੀਆਂ ਹਨ। ਸਭਿਆਚਾਰ ਪਰੰਪਰਾ ਵਿਚ ਪੈਦਾ ਹੁੰਦਾ ਹੈ ਪਰ ਜੀਵਨ
ਜਿਉਣ ਲਈ ਜਾਂ ਵਧੇਰੇ ਠੀਕ ਸ਼ਬਦਾਂ ਵਿਚ ਚੰਗਾ ਜੀਵਨ ਜਿਉਣ ਲਈ ਨਵੀਂਆਂ ਤਕਨੀਕਾਂ/ ਸੰਦਾਂ/ ਵਸਤਾਂ
ਦੀ ਜ਼ਰੂਰਤ ਪੈਂਦੀ ਹੈ, ਇਸੇ ਦੇ ਅਨੁਸਾਰ ਹੀ ਸਭਿਆਚਾਰ ਦੀ ਦਿਸ਼ਾ ਬਦਲਦੀ ਹੈ। ਸਭਿਆਚਾਰ ਜੀਵੰਤ
ਵਿਸ਼ਾਲ ਵਰਤਾਰਾ ਹੈ, ਜਿਸਦਾ ਖੁੱਲ੍ਹਾ ਪ੍ਰਬੰਧ ਹੁੰਦਾ ਹੈ, ਖੁੱਲ੍ਹਾ ਪ੍ਰਬੰਧ ਤੋਂ ਭਾਵ ਇਹ
ਪ੍ਰਬੰਧ ਵੀ ਹੁੰਦਾ ਹੈ ਪਰ ਇਸ ਵਿਚ ਪਰਿਵਰਤਨ ਦੀ ਗੁੰਜਾਇਸ਼ ਵੀ ਹੁੰਦੀ ਹੈ। ਅੱਗ ਦੀ ਵਰਤੋਂ , ਪੱਥਰ ਦੇ ਸੰਦ, ਲੋਹੇ ਦੇ ਸੰਦ, ਤੀਰ ਕਮਾਨ,
ਪਹੀਆ, ਪਸ਼ੂਆਂ ਨੂੰ ਸਿਧਾਉਣਾ, ਖੇਤੀ ਦੀ ਸ਼ੁਰੂਆਤ, ਬੇੜੀ, ਬਾਰੂਦ, ਭਾਸ਼ਾ, ਲਿਪੀ, ਭਾਫ ਇੰਜਨ,
ਹਵਾਈ ਜਹਾਜ਼, ਬਿਜਲੀ ਆਦਿ ਅਤੇ ਇਨ੍ਹਾਂ ਨਾਲ ਜੁੜੀਆਂ ਹੋਰ ਸਾਰੀਆਂ ਕਾਢਾਂ ਨੇ ਮਨੁੱਖੀ ਸਭਿਆਚਾਰ
ਨੂੰ ਬਦਲਿਆ ਹੈ। ਇਨ੍ਹਾਂ ਸੰਦਾਂ ਦੇ ਵਿਕਾਸ ਨਾਲ ਮਨੁੱਖ ਦਾ ਪਦਾਰਥਕ ਸਭਿਆਚਾਰ ਬਦਲਿਆ ਹੈ। ਭਾਸ਼ਾ
ਅਤੇ ਲਿਪੀ ਨੇ ਬੋਧਾਤਮਿਕ ਸਭਿਆਚਾਰ ਦੀ ਸਿਰਜਣਾ ਕੀਤੀ ਹੈ। ਇਸ ਪੜਾਅ ਤੱਕ ਸੰਦ ਅਤੇ ਤਕਨੀਕਾਂ
ਮਨੁੱਖੀ ਜੀਵਨ ਜਾਚ ਨੂੰ ਬਦਲ ਦਿੰਦੀਆਂ ਸਨ ਪਰ ਇਹ ਤਬਦੀਲੀ ਪਹਿਲਾਂ ਜੀਵਨ ਵਿਚ ਆਉਂਦੀ ਸੀ ਅਤੇ
ਫਿਰ ਇਹ ਵਿਚਾਰਧਾਰਾ ਦਾ ਹਿੱਸਾ ਬਣ ਕਲਾਤਮਿਕ ਸਭਿਆਚਾਰ ਵਿਚ ਪੇਸ਼ ਹੁੰਦੀ ਸੀ।


0 Comments:
Post a Comment
<< Home